ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਉਦਯੋਗਾਂ ਦੇ ਸਹਿਯੋਗ ਨਾਲ ਲਗਾਏਗਾ 1 ਲੱਖ ਪੌਦੇ – ਕਾਹਨ ਪਨੂੰ

ਸ੍ਰੀ ਮੁਕਤਸਰ ਸਾਹਿਬ ਤੋਂ ਟ੍ਰੀ ਗਾਰਡ ਮੁਹਿੰਮ ਦੀ ਸ਼ੁਰੂਆਤ

       ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਜੇ ਆਰ ਿਨਊਜ਼) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਖ ਵੱਖ ਉਦਯੋਗਾਂ ਦੇ ਸਹਿਯੋਗ ਨਾਲ ਇਸ ਸਾਲ ਰਾਜ ਵਿਚ 1 ਲੱਖ ਪੌਦੇ ਲਗਾਏ ਜਾ ਰਹੇ ਹਨ। ਅੱਜ ਇੱਥੋਂ ਸੇਤੀਆ ਇੰਡਸਟਰੀਜ਼ ਲਿਮਟਿਡ ਰੁਪਾਣਾ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਚ 5000 ਪੌਦੇ ਲਗਾਉਣ ਦੇ ਕੰਮ ਦੀ ਆਰੰਭਤਾ ਪੌਦਾ ਲਗਾ ਕੇ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪਨੂੰ ਆਈ.ਏ.ਐਸ. ਨੇ ਕੀਤੀ। ਇਸ ਮੌਕੇ ਉਨਾਂ ਨਾਲ ਸੇਤੀਆ ਇੰਡਸਟਰੀਜ਼ ਦੇ ਸੀਐਮਡੀ ਡਾ: ਅਜੇ ਸੇਤੀਆ ਵੀ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਪੰਜਾਬ ਦੇ ਚੌਗਿਰਦੇ ਨੂੰ ਹਰਾ ਭਰਾ ਕਰਨ ਲਈ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ ਸੇਤੀਆ ਇੰਡਸਟਰੀ ਵੱਲੋਂ 5 ਹਜਾਰ ਪੌਦੇ ਲਗਾਏ ਹੀ ਨਹੀਂ ਜਾਣਗੇ ਸਗੋਂ ਹਰੇਕ ਪੌਦੇ ਲਈ ਟ੍ਰੀ ਗਾਰਡ ਵੀ ਲਗਾਇਆ ਜਾਵੇਗਾ ਅਤੇ 5 ਸਾਲ ਤੱਕ ਪੌਦਿਆਂ ਦੀ ਦੇਖਭਾਲ ਦਾ ਕੰਮ ਵੀ ਇਸੇ ਵੱਲੋਂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਟ੍ਰੀ ਗਾਰਡ ਅਤੇ ਪੌਦਾ ਲਗਾਉਣ ਤੋਂ ਸੰਭਾਲ ਪੌਦੇ ਦੇ ਰੁੱਖ ਬਣਨ ਦੀ ਗਾਰੰਟੀ ਹੁੰਦੀ ਹੈ। ਇਸ ਮੁਹਿੰਮ ਤਹਿਤ ਡੀਸੀ ਦਫ਼ਤਰ ਕੰਪਲੈਕਸ, ਸਿਵਲ ਹਸਪਤਾਲ, ਸੰਗੂਧੌਣ ਰੋਡ, ਕੋਟਕਪੂਰਾ ਰੋਡ, ਜਲਾਲਾਬਾਦ ਰੋਡ, ਕੱਚਾ ਥਾਂਦੇ ਵਾਲਾ ਰੋਡ, ਇੰਡਸਟਰੀਅਲ ਏਰੀਆ ਅਤੇ ਸ਼ਹਿਰ ਦੇ ਮੁੱਖ ਸਥਾਨਾਂ ਤੇ ਪੌਦੇ ਲਗਾਉਣ ਤੋਂ ਇਲਾਵਾ ਰੁਪਾਣਾ ਪਿੰਡ ਵਿਚ ਪੌਦੇ ਲਗਾਏ ਜਾਣਗੇ। ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਨੇ ਕਿਹਾ ਕਿ ਲੋਕਾਂ ਦੀ ਸਮੂਲੀਅਤ ਤੋਂ ਬਿਨਾਂ ਪੰਜਾਬ ਨੂੰ ਹਰਾ ਭਰਾ ਕਰਨ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਨਾਂ ਨੇ ਪੰਜਾਬੀਆਂ ਨੂੰ ਪੌਦੇ ਲਗਾਉਣ ਅਤੇ ਉਨਾਂ ਦੀ ਸੰਭਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਪੌਦੇ ਮਨੁੱਖ ਦੀ ਧਰਤੀ ਤੇ ਹੌਂਦ ਬਣਾਈ ਰੱਖਣ ਲਈ ਜਰੂਰੀ ਹਨ। ਇਸੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਸਾਲ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲਿਆਂ ਵਿਚ ਉਦਯੋਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 1 ਲੱਖ ਪੌਦੇ ਲਗਾਉਣ ਦਾ ਵੱਡਾ ਪ੍ਰੋਜੈਕਟ ਆਰੰਭਿਆ ਗਿਆ ਹੈ। ਮਿਸ਼ਨ ਤੰਦਰੁਸਤ ਪੰਜਾਬ ਦਾ ਜਿਕਰ ਕਰਦਿਆਂ ਸ: ਪਨੂੰ ਨੇ ਕਿਹਾ ਕਿ ਮਨੁੱਖ ਦੀਆਂ ਤਿੰਨ ਮੁੱਖ ਲੋੜਾਂ ਸਾਫ ਹਵਾ ਪਾਣੀ ਅਤੇ ਸੁੱਧ ਭੋਜਨ ਦੀ ਉਪਲਬੱਧਤਾ ਯਕੀਨੀ ਬਣਾਉਣਾ ਇਸ ਮਿਸ਼ਨ ਦਾ ਉਦੇਸ਼ ਹੈ ਜਿਸ ਤਹਿਤ ਵੱਖ ਵੱਖ ਵਿਭਾਗਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨਾਂ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਬੈਨ ਕਰਕੇ ਪੰਜਾਬ ਪ੍ਰਦੁਸ਼ਨ ਕੰਟਰੋਲ ਬੋਰਡ ਨੇ ਕੁਦਰਤੀ ਤੌਰ ਤੇ ਨਸ਼ਟ ਹੋਣ ਵਾਲੇ ਸਟਾਰਚ ਦੇ ਲਿਫਾਫੇ ਮੁਹਈਆ ਕਰਵਾਏ ਹਨ। ਇਸ ਤੋਂ ਬਿਨਾਂ ਦੁੱਧ ਸਮੇਤ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਸੈਪਲਿੰਗ ਵੀ ਵਧਾਈ ਗਈ ਹੈ। ਉਨਾਂ ਨੇ ਦੱਸਿਆ ਕਿ ਭੋਜਨ ਪਦਾਰਥਾਂ ਦੀ ਪ੍ਰੋਸੈਸਿੰਗ ਵਿਚ ਲੱਗੇ ਹਲਵਾਈਆਂ, ਰੇਹੜੀ ਵਾਲਿਆਂ ਨੂੰ ਵੀ ਇਸ ਮਿਸ਼ਨ ਤਹਿਤ ਸਾਫ ਸੁਥਰੀਆਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਜ਼ਿਕਰ ਕਰਦਿਆਂ ਸ: ਕਾਹਨ ਸਿੰਘ ਪਨੂੰ ਨੇ ਆਖਿਆ ਕਿ ਸਰਕਾਰ ਵੱਲੋਂ ਇਸ ਕੰਮ ਲਈ 650 ਕਰੋੜ ਰੁਪਏ ਦਾ ਪ੍ਰੋਜੈਕਟ ਆਰੰਭ ਕੀਤਾ ਹੈ ਜਿਸ ਤਹਿਤ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਦੇ ਪਰਾਲੀ ਪ੍ਰਬੰਧਨ ਨਾਲ ਜੁੜੇ ਆਧੁਨਿਕ ਖੇਤੀ ਸੰਦ ਮੁਹਈਆ ਕਰਵਾਏ ਜਾ ਰਹੇ ਹਨ। ਉਨਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਪਰਾਲੀ ਸਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਕੁਰਨੇਸ਼ ਗਰਗ ਚੀਫ ਵਾਤਾਵਰਨ ਇੰਜਨੀਅਰ, ਐਸ.ਡੀ.ਐਮ. ਸ: ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ, ਤਜਿੰਦਰ ਕੁਮਾਰ ਸੀਨਿਅਰ ਇੰਜਨੀਅਰ ਵਾਤਾਵਰਨ, ਕਾਰਜਕਾਰੀ ਇੰਜਨੀਅਰ ਵਾਤਾਵਰਨ ਪਰਮਜੀਤ ਸਿੰਘ, ਐਸ.ਡੀ.ਓ. ਸ: ਦਲਜੀਤ ਸਿੰਘ, ਸੇਤੀਆ ਇੰਡਸਟਰੀਜ਼ ਤੋਂ ਰਾਜਿੰਦਰ ਭੰਡਾਰੀ ਜੁਆਇੰਟ ਮੈਨੇਜਿੰਗ ਡਾਇਰੈਕਟਰ, ਚਿਰਾਗ ਸੇਤੀਆ ਐਕਜਕੁਟਿਵ ਡਾਇਰੈਕਟਰ, ਹਰਦੇਵ ਸਿੰਘ ਟੈਕਨੀਕਲ ਡਾਇਰੈਕਟਰ, ਐਮ.ਐਸ. ਰਾਓ ਜੀ.ਐਮ. ਆਰ.ਐਂਡ ਡੀ, ਹਰੀ ਮੋਹਨ ਸ਼ਰਮਾ, ਜੀਐਮ. ਐਚ.ਆਰ. ਜ਼ਿਲਾ ਜੰਗਲਾਤ ਅਫ਼ਸਰ ਬਲਜੀਤ ਸਿੰਘ ਆਦਿ ਵੀ ਹਾਜਰ ਸਨ।

 

Leave a Reply

Your email address will not be published. Required fields are marked *