ਵੋਟ ਪਾਉਣ ਲਈ ‘ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ’ ਜਾਂ 11 ਹੋਰ ਸ਼ਨਾਖ਼ਤੀ ਦਸਤਾਵੇਜ਼ਾਂ ‘ਚੋਂ ਇੱਕ ਵਿਖਾਉਣਾ ਹੋਵੇਗਾ ਲਾਜ਼ਮੀ


ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਲਈ ਵਲੰਟੀਅਰ ਕੀਤੇ ਜਾਣਗੇ ਤੈਨਾਤ
ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਦੇ ਆਉਣ-ਜਾਣ ਲਈ ਵਾਹਨ ਕੀਤੇ ਰਵਾਨਾ, ਜ਼ਿਲ੍ਹੇ ਵਿੱਚ 95 ਵਾਹਨ ਨਿਭਾਉਣਗੇ ਸੇਵਾ

ਫ਼ਾਜ਼ਿਲਕਾ, 18 ਮਈ: (ਜਗਮੀਤ ਸੰਧੂ) ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਆਰਜ਼ੀ ਬੂਥ ਨਹੀਂ ਲਗਾਏਗੀ ਅਤੇ ਨਾ ਹੀ ਉਥੇ ਲੋਕਾਂ ਦਾ ਇਕੱਠ ਕਰੇਗੀ। ਉਨ੍ਹਾਂ ਕਿਹਾ ਕਿ 200 ਮੀਟਰ ਦੀ ਦੂਰੀ ਪੋਲਿੰਗ ਸਟੇਸ਼ਨ ਦੀ ਬਾਹਰੀ ਕੰਧ ਤੋਂ ਮਾਪੀ ਜਾਵੇ ਅਤੇ ਇਸ ਘੇਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਅਜਿਹਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੋ ਆਦਰਸ਼ ਚੋਣ ਜ਼ਾਬਤੇ ਦੀ ਉਲਘੰਣਾ ਕਰਦਾ ਹੋਵੇ।
ਉਨ੍ਹਾਂ ਬਤੌਰ ਜ਼ਿਲ੍ਹਾ ਮੈਜਿਸਟਰੇਟ, ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਆਮ ਵੇਖਣ ਵਿੱਚ ਆਉਂਦਾ ਹੈ ਕਿ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ਨੇੜੇ ਉਮੀਦਵਾਰਾਂ ਵੱਲੋਂ ਬੂਥ ਬਣਾ ਦੇ ਵੋਟਰਾਂ ਨੂੰ ਵੋਟਾਂ ਸਬੰਧੀ ਪਰਚੀਆਂ ਦਿੱਤੀਆਂ ਜਾਂਦੀਆਂ ਹਨ। ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਵਾਹਨ ਖੜੇ ਕੀਤੇ ਜਾਂਦੇ ਹਨ, ਪੋਲਿੰਗ ਸਟੇਸ਼ਨ ਅੰਦਰ ਸੁਰੱਖਿਆ ਕਰਮੀ/ਵੋਟਰ ਹਥਿਆਰ ਲੈ ਕੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਪੋਲਿੰਗ ਦੌਰਾਨ ਲੜਾਈ-ਝਗੜਾ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹੇ ਦੇ ਸਾਰੇ ਲੋਕ ਸਭਾ ਚੋਣ ਹਲਕਿਆਂ ਵਿੱਚ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ‘ਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਵਾਹਨ ਲਿਜਾਣ, ਉਮੀਦਵਾਰਾਂ ਦੀ ਚੋਣ ਪ੍ਰਚਾਰ ਸਮੱਗਰੀ ਹੋਣ ਜਾਂ ਪ੍ਰਚਾਰ ਕਰਨ, ਸੁਰੱਖਿਆ ਕਰਮੀ ਜਾਂ ਵੋਟਰਾਂ ਵੱਲੋਂ ਹਥਿਆਰ ਲੈ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ, ਕਿਸੇ ਅਣਅਧਿਕਾਰਤ ਵਿਅਕਤੀ ਵੱਲੋਂ ਮੋਬਾਈਲ ਫ਼ੋਨ, ਵਾਇਰਲੈੱਸ ਆਦਿ ਯੰਤਰ ਦੀ ਵਰਤੋਂ ਕਰਨ ਅਤੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਪਰਚੀਆਂ ‘ਤੇ ਉਮੀਦਵਾਰਾਂ ਦੇ ਨਾਮ ਜਾਂ ਚੋਣ ਨਿਸ਼ਾਨ ਲਿਖਣ ਉਤੇ ਪਾਬੰਦੀ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 200 ਮੀਟਰ ਦੇ ਘੇਰੇ ਵਿੱਚ ਉਮੀਦਵਾਰਾਂ ਵੱਲੋਂ ਆਰਜ਼ੀ ਬੂਥ ਲਾਉਣ ਜਾਂ ਉਥੇ ਲੋਕਾਂ ਦਾ ਜ਼ਿਆਦਾ ਇਕੱਠ ਕਰਨ ਜਾਂ ਬਿਨਾਂ ਮਨਜ਼ੂਰੀ ਪੋਲਿੰਗ ਸਟੇਸ਼ਨ ਅੰਦਰ ਵੀਡੀਉਗ੍ਰਾਫ਼ੀ ਕਰਨ ‘ਤੇ ਵੀ ਪਾਬੰਦੀ ਲਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਦਿਵਿਆਂਗ, ਬਜ਼ੁਰਗ ਅਤੇ ਬੀਮਾਰ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਲਿਜਾਣ ਅਤੇ ਵਾਪਸ ਛੱਡਣ ਲਈ ਵਾਹਨਾਂ ਨੂੰ ਵੀ ਹਰੀ ਝੰਡੀ ਵਿਖਾਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 95 ਵਾਹਨ ਇਹ ਸੇਵਾ ਨਿਭਾਉਣਗੇ, ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਵਿੱਚ 27, ਅਬੋਹਰ ਅਤੇ ਬੱਲੂਆਣਾ ਵਿੱਚ 14-14 ਅਤੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ 40 ਵਾਹਨ ਦਿਵਿਆਂਗ, ਬਜ਼ੁਰਗ ਅਤੇ ਬੀਮਾਰ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਲਿਜਾਣ ਅਤੇ ਵਾਪਸ ਛੱਡਣ ਲਈ ਤੈਨਾਤ ਕੀਤੇ ਗਏ ਹਨ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਬੂਥਾਂ ‘ਤੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਵੋਟਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ, ਜਿਵੇਂ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਵੀਲ੍ਹ ਚੇਅਰ ਅਤੇ ਸਹਿਯੋਗ ਲਈ ਵਲੰਟੀਅਰ ਆਦਿ ਤੈਨਾਤ ਕੀਤੇ ਗਏ ਹਨ, ਪੋਲਿੰਗ ਬੂਥਾਂ ‘ਤੇ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ ਤਹਿਤ ਪੀਣਯੋਗ ਪਾਣੀ, ਪਖ਼ਾਨੇ, ਪੱਖੇ ਕੁਰਸੀਆਂ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸ. ਛੱਤਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਮਹਾਂ ਤਿਉਹਾਰ ਵਿੱਚ ਹੁੰਮ-ਹੁਮਾ ਕੇ ਭਾਗ ਲੈਣ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣ ਸਮੇਂ ‘ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ’ ਨਾਲ ਲਿਆਉਣਾ ਲਾਜ਼ਮੀ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਸ਼ਨਾਖ਼ਤ ਵਜੋਂ ਇਕੱਲੀ ਫ਼ੋਟੋ ਵੋਟ ਪਰਚੀ ਸਵੀਕਾਰ ਨਹੀਂ ਕੀਤੀ ਜਾਵੇਗੀ, ਸਗੋਂ ਇਸ ਦੇ ਨਾਲ ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ (ਐਪਿਕ) ਜਾਂ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ 11 ਹੋਰ ਬਦਲਵੇਂ ਸ਼ਨਾਖ਼ਤੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ ਤੇ ਰਾਜ ਸਰਕਾਰਾਂ/ਪੀ.ਐਸ.ਯੂ./ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜਾਰੀ ਫ਼ੋਟੋ ਵਾਲੇ ਸਰਵਿਸ ਸ਼ਨਾਖ਼ਤੀ ਕਾਰਡ, ਬੈਂਕ/ਪੋਸਟ ਆਫ਼ਿਸ ਵੱਲੋਂ ਜਾਰੀ ਫ਼ੋਟੋ ਪਾਸ ਬੁੱਕਾਂ, ਪੈਨ ਕਾਰਡ, ਐਨ.ਪੀ.ਆਰ. ਅਧੀਨ ਆਰ.ਜੀ.ਆਈ. ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫ਼ੋਟੋ ਵਾਲੇ ਪੈਨਸ਼ਨ ਦਸਤਾਵੇਜ਼ ਆਦਿ ਵਿੱਚੋਂ ਕੋਈ ਇੱਕ ਸ਼ਨਾਖ਼ਤੀ ਦਸਤਾਵੇਜ਼ ਵਿਖਾਉਣਾ ਜ਼ਰੂਰੀ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਮੁੜ ਅਪੀਲ ਕੀਤੀ ਕਿ ਆਪਣੇ ਵੋਟ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ ਅਤੇ ਵੋਟਿੰਗ ਪ੍ਰਤੀਸ਼ਤ ਨੂੰ 100 ਫੀਸਦੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਨ ਵਿੱਚ ਪੂਰਨ ਸਹਿਯੋਗ ਦੇਣ।

Leave a Reply

Your email address will not be published. Required fields are marked *