ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਵੱਲੋਂ ਜਲਾਲਾਬਾਦ ਅਦਾਲਤਾਂ ਦਾ ਨਿਰੀਖਣ


ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਵਕੀਲਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ
ਸਿਵਲ ਤੇ ਫ਼ੌਜਦਾਰੀ ਅਦਾਲਤਾਂ ਦੇ ਸਾਲਾਨਾ ਨਿਰੀਖਣ ਤਹਿਤ ਫ਼ਾਜ਼ਿਲਕਾ ਅਤੇ ਅਬੋਹਰ ਅਦਾਲਤਾਂ ਦਾ 16 ਮਾਰਚ ਨੂੰ ਕਰਨਗੇ ਦੌਰਾ

ਫ਼ਾਜ਼ਿਲਕਾ, (ਜਗਮੀਤ ਸੰਧੂ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਮਾਣਯੋਗ ਜਸਟਿਸ ਸ਼੍ਰੀ ਰਾਕੇਸ਼ ਕੁਮਾਰ ਜੈਨ ਅਤੇ ਮਾਣਯੋਗ ਜਸਟਿਸ ਸ਼੍ਰੀ ਅਰੁਣ ਮੌਂਗਾ ਨੇ ਫ਼ਾਜ਼ਿਲਕਾ ਡਿਵੀਜ਼ਨ ਦੀਆਂ ਸਿਵਲ ਤੇ ਫ਼ੌਜਦਾਰੀ ਅਦਾਲਤਾਂ ਦੇ ਸਾਲਾਨਾ ਨਿਰੀਖਣ ਦੇ ਪਹਿਲੇ ਦਿਨ ਅੱਜ ਜਲਾਲਾਬਾਦ ਦੀਆਂ ਅਦਾਲਤਾਂ ਦਾ ਦੌਰਾ ਕੀਤਾ।
ਫ਼ਾਜ਼ਿਲਕਾ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਸਾਹਿਬਾਨ ਦਾ ਜਲਾਲਾਬਾਦ ਵਿਖੇ ਪਹੁਚੰਣ ‘ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ, ਜਲਾਲਾਬਾਦ ਅਦਾਲਤਾਂ ਦੇ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸ੍ਰੀਮਤੀ ਦੀਪਤੀ ਗੋਇਲ ਅਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸ਼੍ਰੀ ਰਾਜੀਵ ਕੁਮਾਰ ਗਰਗ ਨੇ ਜੀ ਆਇਆਂ ਆਖਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ, ਬੀ.ਐਸ.ਐਫ ਦੀ 118ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਸ੍ਰੀ ਜੇ.ਐਸ. ਰਾਠੌਰ ਨੇ ਬੀ.ਐਸ.ਐਫ. ਗੈਸਟ ਹਾਊਸ ਵਿਖੇ ਦੋਵੇਂ ਜੱਜ ਸਾਹਿਬਾਨ ਦਾ ਸਵਾਗਤ ਕੀਤਾ। ਇਸ ਮੌਕੇ ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ ਵੀ ਮੌਜੂਦ ਸਨ।


ਅਦਾਲਤਾਂ ਦੇ ਨਿਰੀਖਣ ਦੌਰਾਨ ਮਾਣਯੋਗ ਜਸਟਿਸ ਸ਼੍ਰੀ ਰਾਕੇਸ਼ ਕੁਮਾਰ ਜੈਨ ਅਤੇ ਮਾਣਯੋਗ ਜਸਟਿਸ ਸ਼੍ਰੀ ਅਰੁਣ ਮੌਂਗਾ ਨੇ ਸਿਵਲ ਤੇ ਫ਼ੌਜਦਾਰੀ ਅਦਾਲਤਾਂ ਦੇ ਕੰਮਕਾਜ ਦਾ ਮੁਆਇਨਾ ਕੀਤਾ। ਉਨ੍ਹਾਂ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਜੱਜ ਸਾਹਿਬਾਨ ਨੇ ਅਦਾਲਤਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਵਕੀਲਾਂ ਅਤੇ ਲੋਕਾਂ ਦੇ ਸੁਝਾਅ ਵੀ ਗਹੁ ਨਾਲ ਸੁਣੇ।
ਇਸ ਮੌਕੇ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਬਖ਼ਸ਼ੀਸ਼ ਸਿੰਘ, ਮੀਤ ਪ੍ਰਧਾਨ ਐਡਵੋਕੇਟ ਸਤਨਾਮ ਪਾਲ ਹਾਂਡਾ, ਸਕੱਤਰ ਐਡਵੋਕੇਟ ਕਰਮਜੀਤ ਸਿੰਘ, ਸੰਯੁਕਤ ਸਕੱਤਰ ਐਡਵੋਕੇਟ ਤਲਵਿੰਦਰ ਸਿੰਘ ਅਤੇ ਖ਼ਜ਼ਾਨਚੀ ਐਡਵੋਕੇਟ ਕ੍ਰਿਸ਼ ਅਤੇ ਹੋਰਨਾਂ ਅਹੁਦੇਦਾਰਾਂ ਨੇ ਮਾਣਯੋਗ ਜਸਟਿਸ ਸ਼੍ਰੀ ਰਾਕੇਸ਼ ਕੁਮਾਰ ਜੈਨ ਅਤੇ ਮਾਣਯੋਗ ਜਸਟਿਸ ਸ਼੍ਰੀ ਅਰੁਣ ਮੌਂਗਾ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਮਾਣਯੋਗ ਜਸਟਿਸ ਸ਼੍ਰੀ ਰਾਕੇਸ਼ ਕੁਮਾਰ ਜੈਨ ਅਤੇ ਮਾਣਯੋਗ ਜਸਟਿਸ ਸ਼੍ਰੀ ਅਰੁਣ ਮੌਂਗਾ ਆਪਣੇ ਦੋ ਦਿਨਾਂ ਦੌਰੇ ਦੇ ਆਖ਼ਰੀ ਦਿਨ 16 ਮਾਰਚ ਨੂੰ ਫ਼ਾਜ਼ਿਲਕਾ ਅਤੇ ਅਬੋਹਰ ਅਦਾਲਤਾਂ ਦਾ ਨਿਰੀਖਣ ਕਰਨਗੇ।

Leave a Reply

Your email address will not be published. Required fields are marked *