ਨਵੀਆਂ ਪੰਚਾਇਤਾਂ ਦਾ ਸਹੁੰ ਚੁੱਕ ਸਮਾਗਮ 12 ਜਨਵਰੀ ਨੂੰ: ਮਨਪ੍ਰੀਤ ਸਿੰਘ ਛੱਤਵਾਲ


ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਵੇਂ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਚੁਕਾਉਣਗੇ ਸਹੁੰ
ਸਰਕਾਰੀ ਐਮ.ਆਰ.ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਵੇਗਾ ਸਹੁੰ ਚੁੱਕ ਸਮਾਗਮ
ਫਾਜ਼ਿਲਕਾ 8 ਜਨਵਰੀ  (ਜੇ ਆਰ ਿਨਊਜ਼)-ਜ਼ਿਲ੍ਹੇ ਅੰਦਰ ਚੁਣੀਆਂ ਗਈਆਂ ਨਵੀਆਂ ਪੰਚਾਇਤਾਂ ਨੂੰ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ 12 ਜਨਵਰੀ ਨੂੰ ਸਹੁੰ ਚਕਾਉਣਗੇ। ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਗਏ ਪੰਚਾਂ ਤੇ ਸਰਪੰਚਾਂ ਤੋਂ ਇਲਾਵਾ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵੀ ਸਹੁੰ ਚੁਕਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਇਥੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਇਸ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ।
ਅਗਾਊਂ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਕੁੱਲ 434 ਪੰਚਾਇਤਾਂ ਵਿੱਚੋਂ ਨਵੇਂ ਚੁਣੇ ਗਏ 432 ਸਰਪੰਚਾਂ, 2992 ਪੰਚਾਂ, 120 ਬਲਾਕ ਸਮਿਤੀ ਮੈਂਬਰਾਂ ਅਤੇ 15 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਦੀਵਾਨ ਖੇੜਾ ਵਾਸੀਆਂ ਵੱਲੋਂ ਸਰਪੰਚੀ ਪਦ ਦੇ ਫਾਰਮ ਵਾਪਸ ਲੈਣ ਅਤੇ ਪਿੰਡ ਹਸਤਾ ਕਲਾਂ ਦੀ ਪੰਚਾਇਤ ਦਾ ਮਸਲਾ ਕੋਰਟ ਵਿੱਚ ਹੋਣ ਕਰਕੇ ਸਰਪੰਚੀ ਲਈ ਚੋਣ ਨਹੀਂ ਹੋ ਸਕੀ ਸੀ।
ਇਸ ਮੌਕੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਲਈ ਅਗਾਊਂ ਪ੍ਰਬੰਧ ਮੁਕੰਮਲ ਕਰ ਲਏ ਜਾਣ। ਇਸ ਵਾਸਤੇ ਜੋ ਵੀ ਡਿਊਟੀ ਕਿਸੇ ਅਧਿਕਾਰੀ ਦੀ ਲਗਾਈ ਗਈ ਹੈ ਉਸ ਨੂੰ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਿਨ ਬਲੀਰਾਮ ਪਾਟਿਲ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸ਼ਤੀਸ ਚੰਦਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *