ਡਰਾਈਵਰੀ ਕਰਦੇ ਸਮੇਂ ਫਾਲਤੂ ਕੰਮਾਂ ਵੱਲ ਧਿਆਨ ਲਗਾਉਣ ਤੋਂ ਕੀਤਾ ਜਾਵੇ ਗੁਰੇਜ਼-ਡਿਪਟੀ ਕਮਿਸ਼ਨਰ


ਹਰ ਵਿਅਕਤੀ ਦੇ ਨਾਲ ਜੁੜਿਆ ਹੁੰਦਾ ਹੈ ਸੜਕ ਹਾਦਸਾ-ਜ਼ਿਲ੍ਹਾ ਪੁਲਿਸ ਮੁਖੀ
ਸੜਕ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਸੈਮੀਨਾਰ ਆਯੋਜਿਤ
ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਉਂਦਾ ਕਿਤਾਬਚਾ ਰਿਲੀਜ਼
ਫਾਜ਼ਿਲਕਾ 1 ਜਨਵਰੀ (ਜੇ ਆਰ ਿਨਊਜ਼)!ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਇਥੇ ਪੁਲਿਸ ਵਿਭਾਗ ਵੱਲੋਂ ਸੜਕ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਡਰਾਈਵਰੀ ਨੂੰ ਕਦੇ ਵੀ ਵਾਧੂ ਕੰਮ ਜਾਂ ਸ਼ੌਂਕ ਵਜੋਂ ਨਾ ਲਿਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਡਰਾਈਵਰੀ ਨੂੰ ਇਕ ਡਿਊਟੀ ਵਜੋਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਹੈ। ਡਰਾਈਵਰੀ ਸਮੇਂ ਧਿਆਨ ਫਾਲਤੂ ਦੇ ਘਰੇਲੂ ਝਮੇਲਿਆਂ ਅਤੇ ਵਪਾਰਕ ਕੰਮਾਂ ਵਿੱਚ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰਾਈਵਰੀ ਕਰਦੇ ਸਮੇਂ ਕਾਰੋਬਾਰ ਅਤੇ ਡਰਾਇਵਿੰਗ ਨੂੰ ਇਕਮਿਕ ਨਾ ਕਰਦਿਆਂ ਸਗੋਂ ਵੱਖੋ-ਵੱਖਰੇ ਕੰਮਾਂ ਵਜੋਂ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਸੜਕ ‘ਤੇ ਜਾਂਦੇ ਸਮੇਂ ਗੱਡੀਆਂ ‘ਚ ਤੇਲ ਪਵਾਉਣ ਅਤੇ ਢਾਬੇ ਆਦਿ ‘ਤੇ ਖਾਣਾ ਖਾਣ ਜਾਂ ਚਾਹ ਪਾਣੀ ਪੀਣ ਲਈ ਹਮੇਸ਼ਾ ਖੱਬੇ ਹੱਥ ਰੁਕਣ ਨੂੰ ਪਹਿਲ ਦੇਣੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਜਿਥੇ ਪਹਿਲਾਂ ਹੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਇਸ ਦੀ ਬਿਹਤਰੀ ਲਈ ਹੋਰ ਵੀ ਠੋਸ ਨੀਤੀ ਬਣਾਈ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਜਾਣੂੰ ਕਰਵਾਉਂਦਾ ਇਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਕਿਹਾ ਕਿ ਟਰੈਫਿਕ ਸਮੱਸਿਆ ਇਕ ਆਮ ਨਹੀਂ ਹੈ ਸਗੋਂ ਗੰਭੀਰ ਸਮੱਸਿਆ ਹੈ। ਇਹ ਸਮੱਸਿਆ ਹਰ ਵਿਅਕਤੀ ਨਾਲ ਜੁੜੀ ਹੋਈ ਹੈ। ਉਨ੍ਹਾਂ ਸਮੂਹ ਸੰਸਥਾਵਾਂ ਨੂੰ ਵੀ ਇਸ ਸਮੱਸਿਆ ਦੇ ਨਿਪਟਾਰੇ ਲਈ ਆਪਣਾ ਬਣਦਾ ਵੱਢਮੁੱਲਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਚਾਲਾਨ ਕੱਟਣਾ ਕੋਈ ਟਰੈਫਿਕ ਸਮੱਸਿਆ ਦੇ ਨਿਪਟਾਰੇ ਦਾ ਹੱਲ ਨਹੀਂ ਹੈ ਸਗੋਂ ਇਸ ਲਈ ਹਰ ਸੂਝਵਾਨ ਵਿਅਕਤੀ ਨੂੰ ਟਰੈਫਿਕ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਸਥਾਨਕ ਨਿਵਾਸੀ ਸ੍ਰੀ ਨਵਦੀਪ ਅਸੀਜਾ ਵੱਲੋਂ ਜ਼ਿਲ੍ਹੇ ਦੀਆਂ ਹਾਦਸਾਗ੍ਰਸਤ ਹੋਣ ਵਾਲੀਆਂ ਖਾਸ 17 ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੂਆਣਾ, ਮਲੋਟ ਤੋਂ ਅਬੋਹਰ ‘ਚ ਐਂਟਰੀ ਸਮੇਂ, ਅਬੋਹਰ ਤੋਂ ਫਾਜ਼ਿਲਕਾ ਨੂੰ ਆਉਣ ਸਮੇਂ ਬਣੇ ਬਾਈਪਾਸ ਤੋਂ ਇਲਾਵਾ ਫਾਜ਼ਿਲਕਾ ਦਾ ਸੰਜੀਵ ਸਿਨੇਮਾ ਚੌਂਕ, ਮੰਡੀ ਗੇਟ, ਖੂਈ ਖੇੜਾ, ਨੇੜੇ ਟਰੱਕ ਯੁਨੀਅਨ, ਘੁਬਾਇਆ ਬੱਸ ਅੱਡਾ, ਜਲਾਲਾਬਾਦ ਬਸ ਸਟੈਂਡ, ਟਿਵਾਣਾ ਚੋਂਕ ਤੇ ਸ਼ਹੀਦ ਉਧਮ ਸਿੰਘ ਚੌਂਕ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਆਦਾਤਰ ਹਾਦਸਿਆਂ ਦਾ ਸਮਂਾ ਸ਼ਾਮ 3 ਵਜੇ ਤੋਂ ਲੇ ਕੇ ਰਾਤ 9 ਵਜੇ ਤੱਕ ਪਾਇਆ ਗਿਆ। ਇਸ ਲਈ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਦੌਰਾਨ ਹੋ ਸਕੇ ਤਾਂ ਸਫਰ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਾਂ ਫਿਰ ਬੜੀ ਸਾਵਧਾਨੀ ਨਾਲ ਡਰਾਇਵਿੰਗ ਕੀਤੀ ਜਾਵੇ।
ਸਥਾਨਕ ਨਿਵਾਸੀ ਸ੍ਰੀ ਅਸੀਜਾ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਅੰਦਰ ਸਭ ਤੋਂ ਜ਼ਿਆਦਾ ਹਾਦਸੇ ਦੋ ਪਹੀਆ ਵਾਹਨ, ਸਾਈਕਲ ਅਤੇ ਪੈਦਲ ਤੁਰਨ ਵਾਲਿਆਂ ਨਾਲ ਹੀ ਹੋਏ ਹਨ। ਇਸਦਾ ਕਾਰਨ ਜ਼ਿਲ੍ਹੇ ਅੰਦਰ 85 ਫੀਸਦੀ ਦੋ ਪਹੀਆਂ ਵਹੀਕਲਾਂ ਦਾ ਹੋਣਾ ਹੈ। ਉਨ੍ਹਾਂ ਆਪਣੀ ਖੋਜ ਤੋਂ ਇਹ ਵੀ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਸੂਬੇ ਅਦਰ ਘਟਨਾ ਵਾਪਰਨ ਸਬੰਧੀ 16ਵੇਂ ਸਥਾਨ ‘ਤੇ ਆਉਂਦਾ ਹੈ। ਇਸ ਮੌਕੇ ਸ਼ਹਿਰ ਦੇ ਕਈ ਪਤਵੰਤਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਲੋੜੀਂਦੇ ਸੁਝਾਅ ਵੀ ਦਿੱਤੇ ਗਏ। ਜ਼ਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਵਿਸ਼ਵਾਸ਼ ਦਵਾਇਆ ਗਿਆ ਹੈ।
ਇਸ ਮੌਕੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਹਿਤ ਸ਼ਲਾਂਘਾਯੋਗ ਕੰਮ ਕਰ ਰਹੀ ਭਾਈ ਘਣੱਇਆ ਸੋਸਾਇਟੀ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਓਮ ਪ੍ਰਕਾਸ਼, ਡੀ.ਐਸ.ਪੀ. ਸ੍ਰੀ ਵੈਭਵ ਸਹਿਗਲ, ਡੀ.ਐਸ.ਪੀ. ਸ. ਰਛਪਾਲ ਸਿੰਘ, ਆਰ.ਟੀ.ਏ. ਵਿਭਾਗ ਵੱਲੋਂ ਸ. ਜਸਵਿੰਦਰ ਸਿੰਘ ਜੱਸੀ, ਟਰੈਫਿਕ ਪੁਲਿਸ ਦੇ ਮੁਲਾਜ਼ਮਾਂ, ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *