ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਖੰਡ ਮਿਲ ਦੇ ਪਿੜਾਈ ਸੀਜ਼ਨ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ ਸਹਿਕਾਰੀ ਖੰਡ ਮਿਲ ਕਿਸਾਨਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਿਤ-ਦਵਿੰਦਰ ਘੁਬਾਇਆ
ਗੰਨਾ ਲੈ ਕੇ ਆਉਣ ਵਾਲੇ ਪਹਿਲੇ ਪੰਜ ਕਿਸਾਨਾਂ ਨੂੰ ਕੀਤਾ ਸਨਮਾਨਿਤ
ਗੰਨਾ ਕਾਸ਼ਤਕਾਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ
ਹੈਲਪਲਾਈਨ ਨੰਬਰ ਕੀਤਾ ਜਾਰੀ
ਫਾਜ਼ਿਲਕਾ 3 ਦਸੰਬਰ – ਦੀ ਫਾਜ਼ਿਲਕਾ ਸਹਿਕਾਰੀ ਖੰਡ ਮਿਲ ਬੋਦੀਵਾਲਾ ਪਿੱਥਾ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹਲਕਾ ਵਿਧਾਇਕ ਫਾਜ਼ਿਲਕਾ ਸ੍ਰੀ ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਬਟਨ ਦਬਾ ਕੇ ਕੀਤੀ ਗਈ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਫਾਜ਼ਿਲਕਾ ਦੀ ਸਹਿਕਾਰੀ ਖੰਡ ਮਿਲ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਇਲਾਕੇ ਦੇ ਕਾਫੀ ਕਿਸਾਨ ਕਣਕ ਤੇ ਝੋਨੇ ਦੀ ਰਿਵਾਇਤੀ ਫਸਲਾਂ ਵਿੱਚੋਂ ਬਾਹਰ ਨਿਕਲ ਕੇ ਕਮਾਦ ਦੀ ਫਸਲੀ ਦੀ ਬਿਜਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਗੰਨੇ ਦੀ ਫਸਲ ਵੇਚਣ ਲਈ ਦੂਰ-ਦਰਾਡੇ ਨਹੀਂ ਜਾਣਾ ਪੈਂਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਗੰਨੇ ਦੀ ਫਸਲ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲ ਵਿੱਚ ਆਉਣ ਵਾਲੀਆਂ ਟਰਾਲੀਆਂ ਦੇ ਟੋਕਨ ਨੰਬਰ ਅਤੇ ਯਾਰਡ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨ ਲਈ ਹੈਲਪਲਾਈਨ ਨੰਬਰ 8427582005 ਜਾਰੀ ਕੀਤਾ ਗਿਆ ਹੈ ਜੋ ਕਿ 24 ਘੰਟੇ ਚਾਲੂ ਰਹੇਗਾ।
ਇਸ ਮੌਕੇ ਮਿਲ ਦੇ ਜਨਰਲ ਮੈਨੇਜਰ ਸ. ਇੰਦਰਪਾਲ ਸਿੰਘ ਭਾਟੀਆ ਨੇ ਕਿਹਾ ਕਿ ਇਸ ਸਾਲ ਦੇ ਸੀਜ਼ਨ ਦੌਰਾਨ 17.50 ਲੱਖ ਕੁਇੰਟਲ ਗੰਨਾ ਪੀੜ ਕੇ 9.45 ਫੀਸਦੀ ਰਿਕਵਰੀ ਦੀ ਦਰ ਨਾਲ ਇਸ ਸਾਲ ਖੰਡ ਦਾ ਉਤਪਾਦਨ 1.65 ਲੱਖ ਕੁਇੰਟਲ ਹੋਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਗੰਨਾ ਮਿਲ ਵਿੱਚ ਪਰਚੀ ਅਨੁਸਾਰ, ਸਾਫ-ਸੁਥਰਾ, ਆਗ ਅਤੇ ਖੋਰੀ ਤੋਂ ਰਹਿਤ ਲੈ ਕੇ ਆਉਣ ਤਾਂ ਜੋ ਮਿਲ ਦੇ ਮਿਥੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਇਸ ਦੌਰਾਨ ਜਨਰਲ ਮੈਨੇਜਰ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਆ ਯਕੀਨੀ ਬਣਾਉਣ ਲਈ ਮਿਲ ਵਿੱਚ ਆਉਣ ਵਾਲੀਆਂ ਟਰਾਲੀਆਂ ਦੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੰਨਾ ਲੈ ਕੇ ਆਉਣ ਵਾਲੇ ਪਹਿਲੇ ਪੰਜ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਅਤੁਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਗੰਨਾ ਮਿਲ ਦੇ ਚੇਅਰਮੈਨ ਸ. ਰਮਨਪ੍ਰੀਤ ਸਿੰਘ, ਵਾਈਸ ਚੇਅਰਮੈਨ ਸ੍ਰੀ ਰਾਜਾ ਰਾਮ, ਡਾਇਰੈਕਟਰ ਸ੍ਰੀ ਸੁਰਿੰਦਰ ਕੁਮਾਰ, ਏ.ਸੀ.ਡੀ.ਓ ਸ੍ਰੀ ਰਾਮ ਸਰੂਪ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ, ਇਲਾਕੇ ਦੇ ਪਤਵੰਤੇ ਸੱਜਣ ਅਤੇ ਗੰਨਾ ਕਾਸ਼ਤਕਾਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Leave a Reply

Your email address will not be published. Required fields are marked *