ਪਿੰਡ ਭੁਲੇਰੀਆਂ ਦੇ ਚਰਨਜੀਤ ਸਿੰਘ ਦੀ ਹੈਪੀ ਸੀਡਰ ਨਾਲ ਬੀਜੀ ਕਣਕ ਝੱਖੜ ਵਿਚ ਵੀ ਨਹੀਂ ਡਿੱਗੀ


-ਬਿਜਾਈ ਤੇ ਖਰਚਾ ਹੋਇਆ ਘੱਟ, ਨਦੀਨ ਨਾਸ਼ਕ ਵੀ ਨਹੀਂ ਛਿੜਕਣੇ ਪਏ
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ ( ਜਗਮੀਤ ਸੰਧੂ  ) ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਖਿਲਾਫ ਚਲਾਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੰਨਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ ਉਹ ਕਿਸਾਨ ਹੁਣ ਭਰਪੂਰ ਫਸਲ ਵੇਖ ਕੇ ਖੁਸ਼ ਹਨ। ਅਜਿਹ ਹੀ ਕਿਸਾਨ ਹੈ ਪਿੰਡ ਭੁਲੇਰੀਆਂ ਦਾ ਚਰਨਜੀਤ ਸਿੰਘ ਜਿਸ ਨੇ 4 ਏਕੜ ਵਿਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ।
ਚਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਗੋਣੇਆਣਾ ਦੀ ਸਲਾਹ ਨਾਲ ਹੈਪੀ ਸੀਡਰ ਨਾਲ ਕਣਕ ਬੀਜੀ ਸੀ। ਕੇ.ਵੀ.ਕੇ ਦੇ ਵਿਗਿਆਨੀ ਆਪ ਆ ਕੇ ਉਸਦੇ ਖੇਤ ਤੇ ਆਪਣੀ ਮਸ਼ੀਨ ਨਾਲ ਇਹ ਕਣਕ ਬਿਜਵਾ ਕੇ ਗਏ ਸਨ। ਇਸ ਨਾਲ ਉਸਨੂੰ ਖੇਤ ਦੀ ਵਹਾਈ ਦੇ ਖਰਚੇ ਨਹੀਂ ਕਰਨੇ ਪਏ ਅਤੇ ਪਰਾਲੀ ਨੂੰ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਪਰਾਲੀ ਦੇ ਵਿਚੇ ਹੀ ਕਰ ਦਿੱਤੀ ਗਈ।
ਚਰਨਜੀਤ ਸਿੰਘ ਦੱਸਦਾ ਹੈ ਕਿ ਉਸਦੇ ਖੇਤ ਦੀ ਫਸਲ ਬਹੁਤ ਹੀ ਵਧੀਆ ਹੈ ਅਤੇ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੂਸਰੇ ਪ੍ਰੰਪਰਾਗਤ ਤਰੀਕਿਆਂ ਨਾਲ ਬੀਜੀ ਕਣਕ ਤੋਂ ਬਿਹਤਰ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਆਏ ਝਖੜ ਵਿਚ ਹੈਪੀ ਸੀਡਰ ਨਾਲ ਬੀਜੀ ਕਣਕ ਦੂਸਰੀ ਕਣਕ ਦੇ ਮੁਕਾਬਲੇ ਘੱਟ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਇਸ ਖੇਤ ਵਿਚ ਉਸਨੂੰ ਕੋਈ ਨਦੀਨ ਨਾਸ਼ਕ ਵੀ ਨਹੀਂ ਵਰਤਨਾ ਪਿਆ ਸੀ। ਚਰਨਜੀਤ ਸਿੰਘ ਦਾ ਆਖਣਾ ਹੈ ਕਿ ਇਹ ਤਕਨੀਕ ਇਕ ਪਾਸੇ ਜਿੱਥੇ ਖਰਚੇ ਘੱਟ ਕਰਦੀ ਹੈ ਉਥੇ ਵਾਤਾਵਰਨ ਦੀ ਸੰਭਾਲ ਵੀ ਹੁੰਦੀ ਹੈ। ਉਸਨੇ ਕਿਸਾਨ ਵੀਰ ਨੂੰ ਅਪੀਲ ਕੀਤੀ ਕਿ ਉਹ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਤਕਨੀਕ ਪੱਕੇ ਤੌਰ ਤੇ ਅਪਨਾ ਲੈਣ ਕਿਉਂਕਿ ਇਹ ਪੂਰੀ ਤਰਾਂ ਨਾਲ ਕਿਸਾਨ ਹਿੱਤ ਦੀ ਤਕਨੀਕ ਹੈ।

ਕੇਵਲ ਬੀਜ ਵਾਲੀ ਫਸਲ ਤੇ ਛਿੜਕੋ ਫੰਫੁਦੀ ਨਾਸ਼ਕ
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਸ੍ਰੀ ਐਨ.ਐਸ.ਧਾਲੀਵਾਲ ਨੇ ਕਿਸਾਨ ਵੀਰਾਂ ਨੂੰ ਕਿਹਾ ਹੈ ਕਿ ਜ਼ਿਲੇ ਵਿਚ ਕਿਤੇ ਵੀ ਪੀਲੀ ਕੁੰਗੀ ਦਾ ਕੋਈ ਹਮਲਾ ਨਹੀਂ ਹੈ। ਉਨਾਂ ਆਖਿਆ ਕਿ ਕਿਸਾਨ ਖੇਤਾਂ ਦਾ ਲਗਾਤਾਰ ਨੀਰਿਖਣ ਕਰਦੇ ਰਹਿਣ। ਪੀਲੀ ਕੁੰਗੀ ਕਾਰਨ ਪੀਲੇ ਹੋਏ ਪੱਤਿਆਂ ਨੂੰ ਜਦ ਉਂਗਲਾਂ ਵਿਚ ਲੈ ਕੇ ਖਿੱਚਦੇ ਹਾਂ ਤਾਂ ਹੱਥਾਂ ਤੇ ਪੀਲਾ ਪਾਉਡਰ ਲਗਦਾ ਹੈ। ਜੇਕਰ ਅਜਿਹਾ ਨਹੀਂ ਤਾਂ ਪੀਲੇ ਹੋਏ ਪੱਤਿਆ ਦਾ ਕਾਰਨ ਕੋਈ ਹੋਰ ਹੋਵੇਗਾ।
ਕੇਵੀਕੇ ਦੇ ਖੇਤੀ ਮਾਹਿਰ ਡਾ. ਬਲਕਰਨ ਸਿੰਘ ਤੇ ਕਰਮਜੀਤ ਸ਼ਰਮਾ ਨੇ ਕਿਸਾਨਾਂ ਨੂੰ ਕਿਹਾ ਕਿ ਪੀਲੀ ਕੁੰਗੀ ਦੀ ਰੋਕਥਾਮ ਲਈ ਵਰਤੀ ਜਾਂਦੀ ਦਵਾਈ ਕਿਸਾਨ ਕੇਵਲ ਬੀਜ ਵਾਲੀ ਫਸਲ ਤੇ ਹੀ ਵਰਤਨ ਅਤੇ ਬਾਕੀ ਖੇਤ ਤੇ ਇਸਦੇ ਛਿੜਕਾਅ ਦੀ ਫਿਲਹਾਲ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਜਿਸ ਖੇਤ ਵਿਚੋਂ ਅਗਲੀ ਫਸਲ ਲਈ ਬੀਜ ਤਿਆਰ ਕੀਤਾ ਜਾਣਾ ਹੈ ਉਥੇ ਪ੍ਰਤੀ ਏਕੜ 200 ਮਿਲੀ ਲਿਟਰ ਜਾ 160 ਗ੍ਰਾਮ ਨਟੀਵੋ ਦਵਾਈ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕੀ ਜਾ ਸਕਦੀ ਹੈ ਪਰ ਫਿਲਹਾਲ ਇਹ ਸਾਰੇ ਖੇਤ ਵਿਚ ਨਾ ਛਿੜਕੀ ਜਾਵੇ ਅਤੇ ਕੇਵਲ ਬੀਜ ਵਾਲੇ ਖੇਤ ਤੇ ਹੀ ਛਿੜਕੀ ਜਾਵੇ। ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਘੱਟਣਗੇ।

Leave a Reply

Your email address will not be published. Required fields are marked *