ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਭੁੱਟੀਵਾਲਾ


ਸਕੂਲ ਸਟਾਫ ਅਤੇ ਪਿੰਡ ਵਾਸੀਆ ਦੀ ਪ੍ਰਤੀਬੱਧਤਾ ਰੰਗ ਲਿਆਈ
ਦੋਦਾ, ਸ੍ਰੀ ਮੁਕਤਸਰ ਸਾਹਿਬ, 27 ਨਵੰਬਰ
‘ਸੀਨੇ ਖਿੱਚ ਜਿੰਨਾ ਨੇ ਖਾਧੀ ਤੇ ਉਹ ਕਰ ਅਰਾਮ ਨਹੀ ਬਹਿੰਦੇ’ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਇਹ ਲਾਇਨਾਂ ਸਰਕਾਰੀ ਪ੍ਰਾਇਮਰੀ ਸਕੂਲ ਭੁੱਟੀਵਾਲਾ ਦੇ ਸਮੁੱਚੇ ਸਟਾਫ ਤੇ ਪੂਰੀ ਤਰਾਂ ਢੁੱਕਦੀਆਂ ਹਨ। ਸਾਲ 2008 ਤੋ ਸਕੂਲ ਨੂੰ ਹਰ ਪੱਖ ਤੋਂ ਬੁਲੰਦੀਆਂ ਤੇ ਪਹੁੰਚਾਉਣ ਦੇ ਅਹਿਦ ਨਾਲ ਸ਼ੁਰੂ ਹੋਈ ਇਹ ਮੁਹਿੰਮ ਪਿੰਡ ਦੇ ਦਾਨੀ ਸੱਜਣਾ, ਗ੍ਰਾਮ ਪੰਚਾਇਤ ਵੱਖ ਵੱਖ ਕੱਲਬਾ, ਸਰਕਾਰ ਅਤੇ ਸਮੁੱਚੇ ਸਟਾਫ ਦੇ ਆਰਥਿਕ ਸਹਿਯੋਗ ਨਾਲ ਅੱਜ ਵੀ ਲਗਾਤਾਰ ਜਾਰੀ ਹੈ।
ਸਾਲ 2008 ਦੌਰਾਨ ਬਰਸਾਤਾਂ ਦੇ ਦਿਨਾਂ ਦੌਰਾਨ ਸਕੂਲ ਨਾਲ ਲੱਗਦੇ ਛੱਪੜ ਦਾ ਪਾਣੀ ਸਕੂਲ ਵਿਚ ਵੜ ਜਾਂਦਾ, ਸੱਪ ਤੇ ਮੱਛੀਆਂ ਗੰਦੇ ਪਾਣੀ ਵਿਚ ਆਮ ਫਿਰਦੇ ਦੇਖੇ ਜਾਂਦੇ, ਸਕੂਲ ਦੀ ਚਾਰਦੀਵਾਰੀ ਦੀ ਅਣਹੋਂਦ, ਕਮਰਿਆਂ, ਫਰਨੀਚਰ, ਸਮੇਤ ਬੁਨਿਆਦੀ ਢਾਂਚਾ ਨਾਂਹ ਦੇ ਬਰਾਬਰ ਸੀ। ਪ੍ਰੰਤੂ ਸਕੂਲ ਦੇ ਤਤਕਾਲੀ ਮੁੱਖ ਅਧਿਆਪਕ ਲਖਵੀਰ ਸਿੰਘ ਬਾਵਾ ਅਤੇ ਸਮੁੱਚੇ ਸਟਾਫ ਵਲੋਂ ਕੀਤੇ ਅਹਿਦ ਨੇ ਪਿੰਡ ਦੇ ਦਾਨੀ ਸੱਜਣਾ ਨੂੰ ਪ੍ਰੇਰਿਤ ਕੀਤਾ ਅਤੇ ਸਕੂਲ ਦੀ ਦਿੱਖ ਅਤੇ ਨੁਹਾਰ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 


ਸਭ ਤੋਂ ਪਹਿਲਾ ਲਗਭਗ 60,000 ਰੁਪਏ ਇੱਕਠੇ ਕਰਕੇ ਭਰਤ ਪਵਾਈ, ਸਰਕਾਰ ਵਲੋਂ ਵੱਖ ਵੱਖ ਸਮੇਂ ਪ੍ਰਾਪਤ ਹੋਈਆਂ ਗ੍ਰਾਂਟਾ ਨਾਲ ਸੱਤ ਨਵੇਂ ਕਮਰੇ, ਟਾਇਲਟ ਬਲਾਕ, ਚਾਰ ਦੀਵਾਰੀ, ਪਾਣੀ ਸਟੋਰ ਕਰਨ ਲਈ ਜਮੀਨਦੋਜ ਟੈਂਕ, ਤਿੰਨ ਆਰ.ਓ ਫਿਲਟਰ, ਲਾਕ ਟਾਇਲ ਰਸਤਾ ਬਣਵਾਇਆ ਗਿਆ।
ਸਕੂਲ ਦੇ ਚੌਗਿਰਦੇ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਪੱਖੀ ਬਨਾਉਣ ਲਈ ਵੱਖ ਵੱਖ ਤਰਾਂ ਦੇ ਫੁੱਲਦਾਰ ਪੌਦੇ ਅਤੇ ਸਜਾਵਟੀ ਪੌਦੇ ਲਗਾਏ ਗਏ, ਵਿਸ਼ੇਸ ਗੱਲ ਇਹ ਹੈ ਕਿ ਸਕੂਲ ਵਿਚ ਬਹੁਤ ਸ਼ੋਰਾ ਸੀ। ਘਾਹ ਦੇ ਚਾਰ ਮੈਦਾਨ ਤਿਆਰ ਕੀਤੇ ਗਏ, ਇਹਨਾਂ ਪੌਦਿਆਂ ਦੀ ਕਾਂਟ ਛਾਂਟ ਅਤੇ ਦੇਖਭਾਲ ਸਕੂਲ ਸਟਾਫ ਵਲੋਂ ਖੁਦ ਹੀ ਕੀਤੀ ਜਾਂਦੀ ਹੈ। ਬੱਚਿਆ ਅੰਦਰ ਸਹਿਤਕ ਰੁਚੀਆਂ ਪੈਦਾ ਕਰਨ ਲਈ ਦਾਨੀ ਸੱਜਣਾ ਅਤੇ ਸਕੂਲ ਸਟਾਫ ਵਲੋਂ ਲਗਭਗ 50,000 ਰੁਪਏ ਇਕੱਠੇ ਕਰਕੇ ਆਧੁਨਿਕ ਕਿਸਮ ਦੀ ਲਾਇਬ੍ਰੇਰੀ ਤਿਆਰ ਕੀਤੀ ਗਈ, ਜਿਸ ਦੇ ਇੰਚਾਰਜ ਮੈਡਮ ਸਰਬਜੀਤ ਕੌਰ ਹਨ। 


ਸਕੂਲ ਦੀ ਮੌਜੁਦਾ ਮੁੱਖ ਅਧਿਆਪਕ ਸ੍ਰੀਮਤੀ ਹਰਮਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿਚ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਖੇਡਾਂ, ਪ੍ਰਸ਼ਨੋਤਰੀ ਮੁਕਾਬਲੇ, ਪੇਟਿੰਗ ਅਤੇ ਮੈਰਾਥਨ ਦੌੜਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪੰਜਾਬ ਪੱਧਰੀ ਖੋ ਖੋ ਟੀਮ ਵਿਚ ਹਰ ਸਾਲ ਬੱਚੇ ਹਿੱਸਾ ਲੈਂਦੇ ਹਨ, ਇਸ ਵਾਰ ਸਕੂਲ ਦੇ ਅਧਿਆਪਕ ਮਨਦੀਪ ਸਿੰਘ, ਰਣਬੀਰ ਸਿੰਘ ਅਤੇ ਮੈਡਮ ਸਤਿੰਦਰ ਕੌਰ ਦੀ ਅਗਵਾਈ ਹੇਠ ਖੋ ਖੋ ਲੜਕੀਆਂ ਪੰਜਾਬ ਭਰ ਵਿਚੋ ਅਵੱਲ ਅਤੇ ਸਕੇਟਿੰਗ ਵਿਚ ਵੀ ਵਿਦਿਆਰਥੀ ਪੰਜਾਬ ਪੱਧਰ ਤੇ ਭਾਗ ਲੈ ਕੇ ਆਏ ਹਨ। ਵਰਣਨਯੋਗ ਹੈ ਕਿ ਸਾਲ 2015 ਦੌਰਾਨ ਅਜਾਦੀ ਦਿਵਸ ਤੇ ਸਕੂਲ ਨੂੰ ਜਿਲੇ ਭਰ ਦੇ ਸੋਹਣੇ ਸਕੂਲਾਂ ਵਿਚੋ ਵਧੀਆ ਸਕੂਲ ਹੋਣ ਦਾ ਸਰਟੀਫਿਕੇਟ ਪ੍ਰਾਪਤ ਹੋਇਆ। 


ਸਾਲ 2018 ਦੌਰਾਨ ਸਕੂਲ ਨੂੰ ਸਵੱਛ ਭਾਰਤ ਅਭਿਆਨ ਤਹਿਤ ਜਿਲੇ ਭਰ ਵਿਚੋ ਦੂਜਾ ਸਥਾਨ ਪ੍ਰਾਪਤ ਕਰਨ ਤੇ ਤਿੰਨ ਸਰਟੀਫਿਕੇਟ ਲੈਣ ਦਾ ਮਾਣ ਪ੍ਰਾਪਤ ਹੋਇਆ। ਪਿੰਡ ਵਾਸੀ ਸੁਖਪਾਲ ਸਿੰਘ ਢਿੱਲੋਂ, ਤਰਸੇਮ ਸਿੰਘ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਭੁੱਟੀਵਾਲਾ ਪਿੰਡ ਦਾ ਸਕੂਲ ਜਿਲੇ ਭਰ ਦੇ ਪਿੰਡਾਂ ਦੇ ਸਕੂਲਾਂ ਲਈ ਮਿਸਾਲ ਬਣ ਚੁੱਕਿਆ ਹੈ। ਸਕੂਲ ਨੂੰ ਰਿਟਾਇਰ ਤਹਿਸੀਲਦਾਰ ਗੁਰਦਰਸ਼ਨ ਸਿੰਘ ਢਿੱਲੋਂ ਵਲੋਂ ਸਵੇਰ ਦੀ ਸਭਾ ਲਈ ਸਾਊਂਡ ਸਿਸਟਮ, ਬਿੱਕਰ ਸਿੰਘ ਢਿੱਲੋਂ ਏ.ਡੀ.ਓ ਵਲੋਂ 5100 ਰੁਪਏ ਦੀਆਂ ਜਰਸੀਆਂ ਵੰਡੀਆਂ ਹਨ। ਸਕੂਲ ਵਿਚ ਬੱਚਿਆ ਦੇ ਖੇਡਣ ਲਈ ਝੂਲੇ, ਪੀਗਾਂ ਅਤੇ ਖੇਡ ਦੇ ਖੁਲੇ ਮੈਦਾਨ ਦਾ ਪ੍ਰਬੰਧ ਹੈ। ਸਕੂਲ ਦੇ ਮਿਡ ਡੇ ਮੀਲ ਦੇ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆ ਦੇ ਪਾਣੀ ਪੀਣ ਲਈ ਆਰ.ਓ ਫਿਲਟਰ ਅਤੇ ਮਿਡ ਡੇ ਮੀਲ ਦੀ ਤਿਆਰੀ ਵਿਚ ਵੀ ਆਰ.ਓ ਪਾਣੀ ਹੀ ਵਰਤਿਆ ਜਾਂਦਾ ਹੈ।

Leave a Reply

Your email address will not be published. Required fields are marked *